Advocate at Tehsil Complex Baghapurana-(ਇਹਨਾ ਲਿਖਤਾਂ ਦੇ ਸਾਰੇ ਅਧਿਕਾਰ Copy Right Act ਦੇ ਤਹਿਤ ਰਾਖ਼ਵੇ ਹਨ।)
Thursday, 12 July 2012
ਕਾਲਜ ਦੀ ਜਿੰਦਗੀ
ਕਾਲਜ ਦੀ ਜਿੰਦਗੀ ਬੜੀ ਹਸੀਨ ਹੁੰਦੀ ਹੈ। ਦੋਸਤਾਂ ਨਾਲ ਬਤਾਏ ਹੋਏ ਪਲ ਲੰਮੇ ਸਮੇ ਤਕ ਯਾਦ ਰਹਿੰਦੇ ਹਨ। ਕਾਲਜ ਦੇ ਰਾਹ ਵਾਰ ਵਾਰ ਮੁੜਨ ਨੂੰ ਦਿਲ ਕਰਦਾ ਹੈ। ਕਾਲਜ ਦਾ ਇਹ ਸਮਾਂ ਅਨਮੋਲ ਹੁੰਦਾ ਹੈ ਅਤੇ ਇਹ ਕਿਤੇ ਮੁੱਲ ਨਹੀ ਮਿਲਦਾ। ਇਸ ਸਮੇ ਅਸੀ ਜਿੰਦਗੀ ਦੇ ਹਰ ਰੰਗ ਨੂੰ ਵਧੇਰੇ ਸਿੱਦਤ ਨਾਲ ਮਹਿਸੂਸ ਕਰਦੇ ਹਾ। ਸਾਡੀ ਜਿੰਦਗੀ ਵਿੱਚ ਰੋਣਕ ਵੱਧ ਹੁੰਦੀ ਹੈ ਅਤੇ ਸਾਡੀਆਂ ਯਾਰੀਆਂ-ਦੋਸਤੀਆ ਇਸ ਸਮੇ ਹੀ ਪਲਦੀਆਂ ਹਨ। ਇਸ ਵੇਲੇ ਹੀ ਇਹਨਾ ਨੂੰ ਨਭਾਉਣ ਦਾ ਚਾਂਅ ਹੁੰਦਾ ਹੈ। ਸਾਨੂੰ ਸ਼ੁਪਨੇ ਵੇਖਣ ਲਈ ਇਹ ਸਮਾਂ ਖੂਬ ਮੋਕੇ ਦਿੰਦਾ ਹੈ ਅਤੇ ਇਸ ਸਮੇ ਦੋਰਾਨ ਹੀ ਸਾਡੇ ਸੁਪਨਿਆਂ ਨੂੰ ਖੰਭ ਲੱਗਦੇ ਹਨ। ਕਾਲਜ ਦੇ ਸਮੇ ਸਾਡੇ ਮਾਪਿਆਂ ਦੀਆਂ ਸਾਡੇ ਉਪਰ ਬਹੁਤ ਆਂਸਾਂ ਹੁੰਦੀਆ ਹਨ ਅਤੇ ਸਾਡਾ ਦਿਲ ਉਹਨਾ ਆਂਸਾਂ ਨੂੰ ਪੂਰਾ ਕਰਨ ਲਈ ਉਡਾਰੀਆ ਮਾਰਦਾ ਹੈ। ਇਹਨਾ ਦਿਨਾਂ ਵਿੱਚ ਸਾਨੂੰ ਘਰ ਤੋ ਲੈ ਕੇ ਕਾਲਜ ਤਕ ਜਾਣ ਵਾਲੇ ਰਾਂਹਾਂ ਨਾਲ ਪਿਆਰ ਹੋ ਜਾਦਾ ਹੈ ਅਤੇ ਘਰ ਤੋ ਕਾਲਜ ਦੀ ਦੂਰੀ ਘੱਟ ਮਹਿਸੂਸ਼ ਹੋਣ ਲੱਗ ਪੈਦੀ ਹੈ। ਅਸੀ ਕਾਲਜ ਵਿੱਚ ਆ ਕੇ ਉੱਚਾ ਸੋਚਨ ਲੱਗ ਪੈਦੇ ਹਾ, ਕਿਉਕਿ ਸਾਡਾ ਵਾਹ-ਵਾਸਤਾਂ ਉੱਚੇ ਗਿਆਨ ਨਾਲ ਪੈਦਾ ਹੈ। ਇੱਥੇ ਆਂ ਕੇ ਸਾਨੂੰ ਪਤਾ ਲੱਗਦਾ ਹੈ, ਕਿ ਸਾਡੇ ਪਿੰਡ ਤੋ ਬਾਹਰ ਵੀ ਕਿੰਨੀ ਵੱਡੀ ਦੁਨਿਆਰੀ ਹੈ। ਕਾਲਜ ਵਿੱਚ ਸਾਡੇ ਕੰਨਾਂ ਨੂੰ ਨਵੀਆਂ ਗੱਲਾ ਸੁਣਨ ਤੇ ਅੱਖਾਂ ਨੂੰ ਕੁਝ ਨਵਾਂ ਵੇਖਣ ਦਾ ਮੋਕਾ ਮਿਲਦਾ ਹੈ। ਕਾਲਜ ਦੀ ਦਹਿਲੀਜ ਅਸੀ ਸੁਨਿਹਰੀ ਭਵਿੱਖ ਦੀ ਆਸ ਨਾਲ ਟੱਪਦੇ ਹਾ। ਸਾਨੂੰ ਯਕੀਨ ਹੁੰਦਾ ਹੈ, ਕਿ ਇੱਥੋ ਸਾਡੀ ਸੁੱਕੀ ਟਾਹਣੀ ਵਰਗੀ ਸਕਸ਼ੀਅਤ ਨੂੰ ਇੱਕ ਦਿਨ ਫੁੱਲ ਲੱਗਣਗੇ ਅਤੇ ਸਾਡੇ ਪੈਰਾ ਨੂੰ ਨਵੀਆਂ ਰਾਂਹਾਂ ਲੱਭਣਗੀਆਂ। ਕਾਲਜ ਦੇ ਸੁਰੂਆਤੀ ਦਿਨਾਂ ਵਿੱਚ ਸਾਨੂੰ ਬਹੁਤ ਸਾਰੇ ਨਵੇ ਚਿਹਰੇ ਮਿਲਦੇ ਹਨ। ਇਹਨਾ ਨਵੇ ਚਿਹਰਿਆਂ ਵਿੱਚੋ ਅਸੀ ਉਹਨਾ ਨੂੰ ਆਪਣੇ ਅਜੀਜ ਦੋਸਤ ਚੁਣਦੇ ਹਾਂ, ਜਿਹੜੇ ਸਾਡੇ ਦਿਲ ਦੀਆਂ ਰਮਜਾਂ ਸਮਝਦੇ ਨੇ ਅਤੇ ਸਾਡੇ ਵਿਚਾਰਾਂ ਦੀ ਕਦਰ ਕਰਦੇ ਨੇ। ਉਹਨਾ ਦੇ ਨਾਲ ਹੋਲੀ-ਹੋਲੀ ਸਾਡੀਆਂ ਬੈਠਕਾਂ ਵਧਦੀਆਂ ਹਨ ਅਤੇ ਇੱਕ-ਦੂਜੇ ਨਾਲ ਹਰ ਇੱਕ ਗੱਲ ਸਾਝੀ ਹੁੰਦੀ ਹੈ। ਅਸੀ ਉਹਨਾ ਨੂੰ ਨਾਂਵਾਂ ਨਾਲ ਪੁਕਾਰਨ ਲੱਗਦੇ ਹਾ। ਸਮੇ ਦੇ ਨਾਲ, ਇਹ ਦੋਸਤ ਸਾਡੀ ਲਈ ਪਰਛਾਵੇਂ ਦੀ ਤਰਾਂ ਬਣ ਜਾਦੇ ਹਨ, ਜੋ ਹਰ ਵੇਲੇ ਸਾਡੇ ਨਾਲ ਰਹਿੰਦੇ ਹਨ। ਕਾਲਜ ਵਿੱਚ ਸਭ ਤੋ ਜਿਆਦਾ ਸਮਾਂ ਅਸੀ ਉਹਨਾ ਦੇ ਨਾਲ ਗੁਜਾਰਦੇ ਹਾ
ਅਤੇ ਉਹਨਾ ਨਾਲ ਬੈਠੇ ਹੋਏ ਸਾਨੂੰ ਪਤਾ ਹੀ ਨਹੀ ਲਗਦਾ ਕਦੋ ਵਕਤ ਲੰਘ ਜਾਦਾ ਹੈ। ਕਦੇ-ਕਦੇ ਉਹਨਾ ਨਾਲ ਚਾਹ ਦੀ ਪਿਆਲੀ ਸਾਝੀ ਕਰਨ ਨੂੰ ਦਿਲ ਕਰਦਾ ਹੈ, ਤਾਂ ਕਿ ਦੋ ਘੜੀਆਂ ਬੈਠ ਕੇ ਮਨ ਦੀਆਂ ਗੱਲਾਂ ਕਰੀਏ। ਅਸੀ ਦੋਸਤਾ ਦੇ ਉਪਰ ਹੋਏ ਖਰਚ ਨੂੰ ਕਦੇ ਵੀ ਨਹੀ ਗਿਣਦੇ ਅਤੇ ਕਮਾਊ ਨਾ ਹੋਣ ਦੇ ਬਾਵਜੂਦ ਸਾਡਾ ਬਟੂਆਂ ਉਹਨਾ ਦੇ ਲਈ ਭਰਿਆ ਰਹਿੰਦਾ ਹੈ। ਵਫਾਦਾਰੀਆਂ ਤੇ ਵਿਸਵਾਸ ਕਿਸ ਨੂੰ ਕਹਿੰਦੇ ਹਨ ਅਤੇ ਰਿਸਤੇਦਾਰੀਆਂ ਕਿਵੇ ਬਣਦੀਆ ਤੇ ਨਿਭਾਈਆ ਜਾਦੀਆ ਹਨ, ਇਹ ਸਾਨੂੰ ਆਪਣੇ ਦੋਸਤਾ ਤੋ ਹੀ ਪਤਾ ਲੱਗਦਾ ਹੈ। ਕਾਲਜ ਦੇ ਵਿੱਚ ਦੋਸਤਾ ਦੇ ਹੁੰਦੇ ਹੋਇਆ ਸਾਨੂੰ ਆਪਣੇ ਇਕੱਲੇਪਣ ਦਾ ਅਹਿਸ਼ਾਸ ਨਹੀ ਹੁੰਦਾ ਤੇ ਸਾਨੂੰ ਆਪਣਾ ਆਪਾ ਭਰਿਆ-ਭਰਿਆ ਲੱਗਦਾ ਹੈ। ਕਾਲਜ ਦੇ ਦੋਸਤ ਵੱਖ-ਵੱਖ ਤਰਾਂ ਦੇ ਹੁੰਦੇ ਹਨ । ਇੱਕ ਤਾ ਉਹ ਹੁੰਦੇ ਹਨ, ਜਿਹੜੇ ਕਾਲਜ ਦੇ ਅੰਤਿਮ ਦਿਨ ਤਕ ਦੋਸਤੀਆ ਨਿਭਾਉਦੇ ਹਨ ਅਤੇ ਇੱਕ ਉਹ ਹੁੰਦੇ ਹਨ, ਜਿਹੜੇ ਪਹਿਲਾ ਗੂੜੇ ਦੋਸਤ ਬਣਦੇ ਨੇ ਤੇ ਕਾਲਜ ਸਮੇ ਦੇ ਅੰਤਮ ਤੱਕ ਦੁਸਮਣ ਹੋ ਨਿਬੜਦੇ ਹਨ। ਇਹਨਾ ਦਿਨਾ ਦੇ ਵਿੱਚ ਪਿਆਰ ਦਾ ਹੋ ਜਾਣਾ ਸੁਭਾਵਿਕ ਹੁੰਦਾ ਹੈ। ਕਿਸੇ ਫੁੱਲ ਵਰਗੇ ਸੱਜਣ ਦੀ ਖੁਸਬੂ ਸਾਡੇ ਸਾਂਹਾਂ ਵਿੱਚ ਆ ਵਸਦੀ ਹੈ। ਸਾਡਾ ਕਾਲਜ ਤੋ ਬਿਨਾ ਹੋਰ ਕਿਤੇ ਮਨ ਨਹੀ ਲੱਗਦਾ ਅਤੇ ਸਾਡੀ ਹਰ ਰੋਜ ਦੀ ਹਾਜਰੀ ਵੱਧ ਜਾਦੀ ਹੈ। ਦਿਲ ਕਰਦਾ ਹੈ, ਕਿ ਕਾਲਜ ਵਿੱਚ ਐਤਵਾਰ ਦੀ ਵੀ ਛੁੱਟੀ ਨਾ ਹੋਵੇ। ਸਾਡੇ ਪਹਿਰਾਵੇ ਬਦਲ ਜਾਦੇ ਹਨ ਅਤੇ ਅਸੀ ਕਈ ਨਵੇ ਸੋਕ ਪਾਲਣ ਲੱਗਦੇ ਹਾ। ਉਸ ਦੇ ਆਉਣ ਤੇ ਜਾਣ ਦਾ ਸਮਾਂ ਸਾਡੀ ਯਾਦ ਦਾ ਹਿੱਸਾ ਬਣ ਜਾਦਾ ਹੈ। ਕਾਲਜ ਚੋ ਛੁੱਟੀ ਸਮੇ ਉਸ ਨੂੰ ਦੂਰ-ਦੂਰ ਤਕ ਤੱਕਦੇ ਰਹਿੰਦੇ ਹਾਂ ਤੇ ਸਾਡਾ ਘਰ ਮੁੜਨ ਦਿਲ ਨਹੀ ਕਰਦਾ। ਇਹਨਾ ਦਿਨਾ ਦੇ ਵਿੱਚ ਰਾਤਾ ਬਹੁਤ ਔਖੀਆ ਲੰਘਦੀਆ ਹਨ ਅਤੇ ਸਵੇਰ ਦੀ ਉਡੀਕ ਸਾਰੀ ਰਾਤ ਸਤਾਉਦੀ ਹੈ। ਸਾਨੂੰ ਇਸ ਤਰਾਂ ਮਹਿਸੂਸ ਹੁੰਦਾ ਹੈ, ਜਿਵੇ ਅਸੀ ਸਾਰੀ ਦੁਨਿਆਂ ਜਿੱਤ ਲਈ ਹੋਵੇ। ਸਾਡੇ ਆਪਣੇ ਜਿੰਦਗੀ ਦੇ ਲ਼ਕਸ ਗੁਆਚ ਜਾਦੇ ਹਨ ਅਤੇ ਬਸ ਦਿਲ ਕਹਿੰਦਾ ਹੈ, ਕਿ ਸੱਜਣਾ ਤੇਰੇ ਤੋ ਬਿਨਾ ਕੁਝ ਹੋਰ ਨਹੀ ਚਾਹੀਦਾ ਬਸ ਇੱਕ ਤੂੰ ਹੋਵੇ, ਤੇ ਇੱਕ ਮੈਂ ਹੋਵਾ ਅਤੇ ਕਿਤੇ ਇੱਕਲੇ ਬੈਠ ਕੇ ਬਹੁਤ ਸਾਰੀਆ ਗੱਲਾਂ ਕਰੀਏ। ਉਸ ਦੇ ਕਾਲਜ ਆਉਣ ਤੇ ਸਾਰਾ ਕਾਲਜ ਭਰਿਆ ਭਰਿਆ ਲੱਗਦਾ ਹੈ ਅਤੇ ਉਸ ਦੇ ਜਾਣ ਨਾਲ ਆਪਾ ਵੀ ਖਾਲੀ ਲੱਗਦਾ ਹੈ। ਸਾਡੀਆ ਅੱਖਾਂ ਹਰ ਸਮੇ ਉਸ ਨੂੰ ਹੀ ਲੱਭਦੀਆ ਹਨ ਤੇ ਸਾਡੇ ਕਦਮ ਉਹਨਾ ਰਾਂਵਾਂ ਵਲ ਹੀ ਮੁੜਦੇ ਹਨ, ਜਿਹਨਾ ਤੇ ਉਹ ਤੁਰਦਾ ਹੈ। ਇਸ ਤਰਾਂ ਮਹਿਸੂਸ ਹੁੰਦਾ ਹੈ, ਜਿਵੇ ਹਰ ਪਾਸੇ ਉਸ ਦਾ ਹੀ ਨਾਂ ਲਿਖਿਆ ਹੋਵੇ। ਕਾਲਜ ਦੇ ਹਰ ਕੋਨੇ ਵਿੱਚੋ ਉਸ ਦੀ ਹੀ ਖ਼ੁਸਬੋ ਆਉਦੀ ਹੈ। ਉਸ ਨੂੰ ਅਸੀ ਲੁਕ-ਲੁਕ ਕੇ ਤੱਕਦੇ ਹਾ। ਜਿੱਥੇ ਉਹ ਪੈਰ ਰੱਖਦਾ ਹੈ, ਉਹ ਧਰਤੀ ਭਾਗਾ ਵਾਲੀ ਲੱਗਦੀ ਹੈ। ਉਸ ਦੇ ਹੱਸਣ ਤੇ ਸਾਰੀ ਕਾਇਨਾਤ ਹੱਸਦੀ ਮਹਿਸੂਸ ਹੁੰਦੀ ਹੈ। ਦਿਲ ਕਰਦਾ ਹੈ, ਕਿ ਉਸ ਦੇ ਨਾਂ ਖ਼ਤ ਲਿਖੀਏ, ਪਰ ਸਾਡੇ ਕੋਲ ਨਾਂ ਵੀ ਪੁੱਛਣ ਦਾ ਹੋਸਲਾ ਨਹੀ ਹੁੰਦਾ ਅਤੇ ਸਾਡੇ ਸੱਜਣ ਸਾਨੂੰ ਉਡੀਕ-ਉਡੀਕ ਕੇ ਥੱਕ ਜਾਦੇ ਹਨ। ਉਹ ਸਾਡੇ ਨਾਲ ਅੱਖਾਂ ਦੇ ਰਾਹੀ ਗਿਲੇ-ਸਿਕਵੇ ਕਰਦੇ ਹਨ। ਕਾਲਜ ਦੇ ਜਦੋ ਆਖਰੀ ਦਿਨ ਆਉਦੇ ਹਨ, ਤਾ ਅਸੀ ਆਪਣੇ ਸੋਹਣਿਆਂ ਦੀਆ ਯਾਂਦਾਂ ਆਪਣੇ ਦਿਲ ਵਿੱਚ ਸਮੇਟ ਲੈਦੇ ਹਾ। ਜੋ ਸਾਰੀ ਉਮਰ ਸਾਡੇ ਨਾਲ ਰਹਿੰਦੀਆਂ ਹਨ। ਕਾਲਜ ਵਿੱਚ ਪੜਦਿਆ ਸਾਨੂੰ ਕਈ ਅਧਿਆਪਕਾ ਦੀ ਸ਼ਖਸੀਅਤ ਬਹੁਤ ਚੰਗੀ ਲਗਦੀ ਹੈ। ਇਹਨਾ ਦੇ ਬੋਲ ਸੁਣਨ ਲਈ ਅਸੀ ਇਹਨਾ ਨੂੰ ਕਲਾਂਸਾਂ ਵਿੱਚ ਉਡੀਕਦੇ ਰਹਿੰਦੇ ਹਾ। ਸਾਡੇ ਪਿਆਰੇ ਅਧਿਆਪਕਾ ਦੀ ਦਿੱਤੀ ਹੋਈ ਸਿੱਖਿਆ ਅਸੀ ਕਦੇ ਵੀ ਨਹੀ ਭੁੱਲਦੇ। ਅਸੀ ਇਹਨਾ ਦੀ ਅਸੀ ਸਾਰੀ ਉਮਰ ਇੱਜਤ ਕਰਦੇ ਹਾ ਅਤੇ ਸਾਡੀਆ ਕਿਤਾਬਾ ਵਿੱਚ ਇਹਨਾ ਦੇ ਚਿਹਰੇ ਛਪ ਜਾਦੇ ਹਨ। ਇਹ ਅਧਿਆਪਕ ਸਾਡੇ ਦੂਜੇ ਮਾਪਿਆ ਦੀ ਤਰਾ ਹੁੰਦੇ ਹਨ, ਜਿਹੜੇ ਸਾਨੂੰ ਜਿੰਦਗੀ ਦੇ ਸਹੀ ਰਾਂਹਾਂ ਤੇ ਤੁਰਨਾ ਸਿਖਾਉਦੇ ਹਨ। ਦਿਲ ਕਰਦਾ ਹੈ, ਕਿ ਇਹ ਹਮੇਸਾ ਸਾਡੀ ਕਲਾਸ ਵਿੱਚ ਹੀ ਰਹਿਣ ਅਤੇ ਬੋਲਦੇ ਰਹਿਣ ਤੇ ਅਸੀ ਸੁਣਦੇ ਰਹੀਏ। ਇਹਨਾ ਅਧਿਆਪਿਕਾ ਦੁਆਰਾ ਪੜਾਏ ਹੋਏ ਵਿਸ਼ਿਆ ਵਿੱਚੋ ਅਸੀ ਕਦੇ ਵੀ ਫ਼ੇਲ ਨਹੀ ਹੁੰਦੇ। ਕਈ ਅਧਿਆਪਕ ਕੱਦ ਦੇ ਛੋਟੇ ਹੁੰਦੇ ਹਨ, ਪਰ ਸਾਡੀ ਸੋਚ ਨੂੰ ਉਹ ਬਹੁਤ ਉੱਚਾ ਕਰ ਦਿੰਦੇ ਹਨ ਅਤੇ ਕਈ ਅਧਿਆਪਕ ਦੇਖਣ ਤੋ ਬਹੁਤ ਸਾਦੇ ਲੱਗਦੇ ਹਨ, ਪਰ ਉਹਨਾ ਵਿੱਚ ਗਿਆਨ ਦੀ ਚਮਕ ਹੁੰਦੀ ਹੈ। ਜਿੰਦਗੀ ਵਿੱਚ ਸਾਨੂੰ ਕਿਤਾਬਾ ਦੇ ਨਾਲੋ ਉਹਨਾ ਨੂੰ ਪੜਾਉਣ ਵਾਲੇ ਜਿਆਦਾ ਸਮੇ ਤਕ ਯਾਦ ਰਹਿੰਦੇ ਹਨ, ਕਿਉਕਿ ਸਾਨੂੰ ਕਿਤਾਬਾ ਨਾਲ ਲਗਾਂਵ ਉਹਨਾ ਕਰਕੇ ਹੀ ਹੁੰਦਾ ਹੈ। ਅਸੀ ਅੱਧੀਆ ਰਾਤਾ ਤੱਕ ਬੈਠ-ਬੈਠ ਕੇ ਆਪਣੇ ਪਿਆਰੇ ਅਧਿਆਪਕਾ ਦੇ ਵਿਸ਼ੇ ਪੜਦੇ ਰਹਿੰਦੇ ਹਾ, ਤਾ ਕਿ ਅਸੀ ਉਹਨਾ ਦੇ ਲਾਇਕ ਵਿਦਿਆਰਥੀ ਬਣ ਸਕੀਏ। ਜਿੰਦਗੀ ਵਿੱਚ ਸਾਨੂੰ ਸਿੱਖਣ ਲਈ ਭਾਵੇ ਬਹੁਤ ਕੁਝ ਮਿਲਦਾ ਹੈ, ਪਰ ਇਹਨਾ ਅਧਿਆਪਕਾ ਦੀ ਦਿੱਤੀ ਸਿੱਖਿਆ ਸਾਡੇ ਜੀਵਨ ਦਾ ਆਧਾਰ ਬਣਦੀ ਹੈ। ਉਹ ਆਪਣੇ ਫੁੱਲਾਂ ਜਿਹੇ ਵਿਚਾਰਾ ਨਾਲ ਸਾਡੀਆ ਝੋਲੀਆ ਭਰ ਦਿੰਦੇ ਹਨ। ਕਾਲਜ ਦੇ ਸਮੇ ਦੋਰਾਨ ਕਾਲਜ ਲਾਇਬਰੇਰੀ ਦੇ ਨਾਲ ਵੀ ਸਾਡੀ ਗੂੜੀ ਸਾਂਝ ਹੁੰਦੀ ਹੈ। ਇਸ ਦੀਆ ਕਈ ਕਿਤਾਬਾ ਦੇ ਨਾਂ ਸਾਨੂੰ ਲੰਮੇ ਸਮੇ ਤਕ ਯਾਦ ਰਹਿੰਦੇ ਹਨ ਅਤੇ ਇਨਾ ਵਿੱਚੋ ਕਈ ਕਿਤਾਬਾ ਸਾਡੀ ਸ਼ਖਸੀਅਤ ਦੇ ਵਿੱਚ ਦੀਵੇ ਵਾਗ ਜਗਦੀਆ ਰਹਿੰਦੀਆ ਹਨ। ਆਪਣੀ ਪੜਾਈ ਦੇ ਦੋਰਾਨ ਸਾਨੂੰ ਕਾਲਜ ਲਾਇਬਰੇਰੀ ਦੀਆ ਬਹੁਤ ਸਾਰੀਆ ਕਿਤਾਬਾ ਪੜਨ ਦਾ ਮੋਕਾ ਮਿਲਦਾ ਹੈ। ਜਿੰਨਾ ਵਿੱਚੋ ਕੁਝ ਕਿਤਾਬਾ ਸਾਡੀ ਮਾਂ ਵਾਗ ਲਗਦੀਆ ਹਨ, ਜਿਹੜੀਆ ਗੋਦੀ ਵਾਗ ਨਿੱਘ ਦਿੰਦੀਆ ਹਨ ਅਤੇ ਕੁਝ ਸਾਡੇ ਪਿਉ ਵਾਗ ਲਗਦੀਆ ਹਨ, ਜਿਹੜੀਆ ਝਿੜਕਾਂ ਦੇ ਨਾਲ-ਨਾਲ ਸਾਨੂੰ ਸਿੱਖਿਆ ਵੀ ਦਿੰਦੀਆ ਹਨ। ਕੁਝ ਕਿਤਾਬਾ ਤਾ ਸਾਨੂੰ ਇੰਨੀਆ ਪਿਆਰੀਆ ਲਗਦੀਆ ਹਨ, ਕਿ ਅਸੀ ਉਹਨਾ ਨੂੰ ਪਾਣੀ ਵਾਗ ਪੀ ਜਾਦੇ ਹਾ। ਕਾਲਜ ਦੀ ਲਾਇਬਰੇਰੀ ਵਿੱਚ ਬੈਠ ਕੇ ਇਸ ਤਰਾ ਮਹਿਸੂਸ ਹੁੰਦਾ ਹੈ, ਜਿਵੇ ਅਸੀ ਗਿਆਨ ਦੇ ਸਾਗਰ ਵਿੱਚ ਗੋਤੇ ਲਾ ਰਹੇ ਹੋਈਏ। ਇਹ ਸਾਡੀ ਨਿੱਕੀ ਜਿਹੀ ਸੋਚ ਨੂੰ ਅੰਬਰ ਦੇ ਵਾਗ ਵਿਸਾਲ ਕਰ ਦਿੰਦੀ ਹੈ। ਕਾਲਜ ਦੇ ਸਮੇ ਦੋਰਾਨ ਸਾਡੇ ਅੰਦਰ ਜੋ ਵੀ ਕਦਰਾ-ਕੀਮਤਾ ਅਤੇ ਸੰਸਕਾਰ ਪੈਦਾ ਹੁੰਦੇ ਹਨ, ਉਹਨਾ ਵਿੱਚ ਕਾਲਜ ਲਾਇਬਰੇਰੀ ਦਾ ਅਹਿਮ ਯੋਗਦਾਨ ਹੁੰਦਾ ਹੈ। ਇਹ ਬਹੁਤ ਸਾਰੇ ਚੰਗੇ ਗੁਣਾਂ ਨਾਲ ਸਾਡੀਆ ਝੋਲੀਆ ਭਰ ਦਿੰਦੀ ਹੈ। ਅਸੀ ਐਨੇ ਸਿਆਣੇ ਕਾਲਜ ਵਿੱਚ ਦਾਖਲੇ ਸਮੇ ਨਹੀ ਹੁੰਦੇ, ਜਿੰਨੇ ਕਾਲਜ ਦੇ ਛੱਡਣ ਵੇਲੇ ਹੁੰਦੇ ਹਾ। ਇਸ ਤਰਾ ਮਹਿਸੂਸ ਹੁੰਦਾ ਹੈ, ਜਿਵੇ ਸਾਡੀ ਕਾਲੀ ਰੂਹ, ਸੋਨਾ ਬਣ ਗਈ ਹੋਵੇ। ਦਿਲ ਤਾ ਕਰਦਾ ਹੈ, ਕਿ ਕਾਲਜ ਲਾਇਬਰੇਰੀ ਦੀਆ ਕਿਤਾਬਾ ਨੂੰ ਸਦਾ ਲਈ ਆਪਣੇ ਨਾਲ ਲੈ ਜਾਈਏ, ਪਰ ਇਸ ਨੇ ਨਵੇ ਆਉਣ ਵਾਲੇ ਵਿਦਿਆਰਥੀਆ ਦੇ ਜੀਵਨ ਨੂੰ ਵੀ ਨਿਖਾਰਨਾ ਹੁੰਦਾ ਹੈ। ਕਾਲਜ ਦੀ ਜਿੰਦਗੀ ਵਿੱਚ ਕਾਲਜ ਦੇ ਮੇਲਿਆ ਤੇ ਫੰਕਸਨਾਂ ਦੀ ਖੂਬ ਰੋਣਕ ਹੁੰਦੀ ਹੈ। ਇੰਨਾ ਮੋਕਿਆ ਤੇ ਦਿਲ ਖ਼ੁਸੀ ਨਾਲ ਭਰ ਜਾਦਾ ਹੈ ਅਤੇ ਸਾਡੇ ਚਾਂਅ ਲੁਕੋਇਆ ਨਹੀ ਲੁਕਦੇ। ਸਾਨੂੰ ਖੂਬ ਨੱਚਣ ਤੇ ਗਾਉਣ ਦਾ ਮੋਕਾ ਮਿਲਦਾ ਹੈ ਅਤੇ ਸਾਡੇ ਵਿਰੋਧੀ ਵੀ ਸਾਰੇ ਗਿਲੇ-ਸਿਕਵੇ ਭੁੱਲ ਕੇ ਸਾਡੇ ਨਾਲ ਆ ਨੱਚਦੇ ਹਨ। ਇਸ ਸਮੇ ਸਾਰੇ ਕਾਲਜ ਦੀਆ ਕੰਧਾ ਵੀ ਨੱਚਦੀਆ ਮਹਿਸੂਸ ਹੁੰਦੀਆ ਹਨ ਤੇ ਇਸਦਾ ਵਿਹੜਾ ਅਸ਼-ਅਸ਼ ਕਰ ਉੱਠਦਾ ਹੈ। ਇਹਨਾ ਮੋਕਿਆ ਤੇ ਸਾਡਾ ਮਹਿਬੂਬ ਸਾਨੂੰ ਹੋਰ ਵੀ ਸੋਹਣਾਂ ਲੱਗਦਾ ਹੈ ਤੇ ਅਸੀ ਉਸ ਨੂੰ ਵਾਰ-ਵਾਰ ਤੱਕਦੇ ਹਾ। ਕਾਲਜ ਦੀ ਜਿੰਦਗੀ ਦੇ ਇਹ ਸਭ ਤੋ ਖੁਬਸੂਰਤ ਪਲ ਹੁੰਦੇ ਹਨ, ਦਿਲ ਚਾਹੁੰਦਾ ਹੈ ਕਿ ਇਹ
ਸਦਾ-ਸਦਾ ਲਈ ਇੱਥੇ ਹੀ ਰੁਕ ਜਾਣ। ਇਹਨਾ ਕਾਲਜ ਮੇਲਿਆ ਅਤੇ ਫੰਕਸਨਾ ਤੋ ਸਾਨੂੰ ਪਤਾ ਲੱਗਦਾ ਹੈ, ਕਿ ਤਿਉਹਾਰਾਂ ਨੂੰ ਕਿਵੇ ਮਨਾਇਆ ਜਾਦਾ ਹੈ ਅਤੇ ਇਨਾ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ। ਅਸੀ ਆਪਣੇ ਦੋਸਤਾ ਨਾਲ ਮਿਲ ਕੇ ਹੀ ਇਹੋ ਜਿਹੇ ਮੋਕਿਆ ਲਈ ਤਿਆਰੀ ਕਰਦੇ ਹਾ, ਜਿਸ ਕਰਕੇ ਉਹਨਾ ਨਾਲ ਸਾਡੀਆ ਸਾਂਝਾਂ ਹੋਰ ਵੀ ਗੂੜੀਆ ਹੁੰਦੀਆ ਹਨ। ਸਾਡੀ ਸ਼ਖਸੀਅਤ ਦੇ ਅੰਦਰਲੇ ਗੁਣ ਵੀ ਇਸ ਸਮੇ ਹੀ ਸਾਹਮਣੇ ਆਉਦੇ ਹਨ ਅਤੇ ਸਾਡੇ ਇੰਨਾ ਗੁਣਾ ਕਰਕੇ ਹੀ ਜਿੰਦਗੀ ਵਿੱਚ ਕਈ ਨਵੀਆ ਕਾਮਯਾਬੀਆ ਸਾਡੇ ਪੈਰ ਚੁੰਮਦੀਆ ਹਨ। ਇਹਨਾ ਕਾਲਜ ਮੇਲਿਆ ਤੇ ਫੰਕਸਨਾਂ ਤੋ ਬਿਨਾ ਕਾਲਜ ਦੀ ਜਿੰਦਗੀ ਅਧੂਰੀ ਹੈ। ਇਹਨਾ ਤੋ ਬਿਨਾ ਕਾਲਜ ਦੀ ਜਿੰਦਗੀ ਦੀਆ ਸਦੀਵੀ ਯਾਂਦਾਂ ਨਹੀ ਉਸਰਦੀਆ। ਇਹ ਸਾਡੀਆ ਯਾਂਦਾਂ ਵਿੱਚ ਰੰਗ ਭਰਦੇ ਹਨ। ਕਾਲਜ ਦੀ ਕੰਨਟੀਨ ਦੀ ਵੀ ਆਪਣੀ ਰੋਣਕ ਹੁੰਦੀ ਹੈ, ਜਿੱਥੇ ਬੈਠ ਕੇ ਪੀਤੀਆ ਹੋਈਆ ਚਾਂਹਾਂ ਦਾ ਮਿਠਾਸ ਹਮੇਸਾ ਯਾਦ ਰਹਿੰਦਾ ਹੈ। ਜਦੋ ਵਿਹਲੇ ਸਮੇ ਵਿੱਚ ਯਾਰ-ਦੋਸਤ ਇੱਥੇ ਆ ਜੁੜਦੇ ਹਨ ਤਾ ਰੋਣਕਾ ਨਾਲ ਇਸਦਾ ਵਿਹੜਾ ਭਰ ਜਾਦਾ ਹੈ। ਇਹਨਾ ਯਾਰਾ-ਦੋਸਤਾ ਵਿੱਚ ਬੈਠ ਕੇ ਖਾਧੀ-ਪੀਤੀ ਹਰ ਇੱਕ ਚੀਜ ਦਾ ਸੁਆਂਦ ਦੁੱਗਣਾਂ ਹੋ ਜਾਦਾ ਹੈ। ਦੁਨਿਆ ਦੇ ਹਰ ਪਕਵਾਨ ਦਾ ਸਵਾਦ ਕਾਲਜ ਦੀ ਕੰਨਟੀਨ ਦੇ ਖਾਣਿਆ ਤੋ ਫਿੱਕਾ ਲੱਗਦਾ ਹੈ। ਇਸ ਦੇ ਵਿੱਚ ਬੈਠ ਕੇ ਆਪਣੇ ਮਹਿਬੂਬ ਨਾਲ ਖਾਦੇ ਹੋਏ ਖਾਣੇ, ਉਸ ਦੀਆ ਯਾਦਾ ਦੇ ਅਕਸਰ ਭਾਗ ਬਣ ਜਾਦੇ ਹਨ ਅਤੇ ਉਸ ਦੀ ਗੈਰ-ਹਾਜਰੀ ਵਿੱਚ ਉਸ ਦੀ ਪਸੰਸੀਦਾ ਚੀਜ ਕੰਨਟੀਨ ਵਿੱਚ ਬੈਠ ਕੇ ਵਾਰ ਵਾਰ ਖਾਣ ਨੂੰ
ਦਿਲ ਕਰਦਾ ਹੈ। ਬਹੁਤ ਸਾਰੀਆ ਦੋਸਤੀਆ ਤਾ ਸੁਰੂ ਹੀ ਕੰਨਟੀਨ ਤੋ ਹੁੰਦੀਆ ਹਨ, ਜਿਹੜੀਆ ਕਿ ਅੰਤਾ ਤਕ ਨਿਭਦੀਆ ਹਨ। ਕਾਲਜ ਦੇ ਕਿਸੇ ਹੋਰ ਭਾਗ ਦੇ ਨਾਲੋ ਕੰਨਟੀਨ ਵਿੱਚ ਅਸੀ ਜਿਆਦਾ ਖੁੱਲ ਮਹਿਸੂਸ ਕਰਦੇ ਹਾ, ਜਿੱਥੇ ਅਸੀ ਆਪਣੇ ਦੋਸਤਾ ਨਾਲ ਖੁੱਲ ਕੇ ਵਿਚਰਦੇ ਹਾ। ਇੱਥੇ ਦੋਸਤਾ ਨਾਲ ਬਹੁਤ ਸਾਰੀਆ ਮਸਤੀ ਭਰੀਆ ਗੱਲਾ ਹੁੰਦੀਆ ਹਨ। ਕੰਨਟੀਨ ਦੀਆ ਖਾਲੀ ਕੁਰਸੀਆ ਇਸ ਤਰਾ ਲੱਗਦੀਆ ਹਨ, ਜਿਵੇ ਸਾਨੂੰ ਹੀ ਉਡੀਕ ਰਹੀਆ ਹੋਣ ਅਤੇ ਸਾਡੀਆ ਮਹਿਫਲਾਂ ਵਿੱਚ ਸਾਡੇ ਨਾਲ ਹੱਸਦੀਆ ਹੋਣ। ਸਾਡੇ ਵਿਚਾਲੇ ਪਏ ਹੋਏ ਮੇਜ ਵੀ ਸਾਡੀਆ ਗੱਲਾ ਧਿਆਨ ਨਾਲ ਸੁਣਦੇ ਮਹਿਸੂਸ ਹੁੰਦੇ ਹਨ। ਕਾਲਜ ਦੀ ਕੰਨਟੀਨ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨਾਲ ਸਾਡੀ ਖਾਂਸ ਜਾਣ-ਪਹਿਚਾਣ ਹੋ ਜਾਦੀ ਹੈ। ਸਾਡੇ ਕੰਨਟੀਨ ਵਿੱਚ ਬੈਠਣ ਤੋ ਪਹਿਲਾ ਹੀ ਉਹ ਸਾਡੀ ਪਸੰਦੀਦਾ ਚੀਜ ਸਾਡੇ ਮੂਹਰੇ ਰੱਖ ਦਿੰਦੇ ਹਨ ਅਤੇ ਅਸੀ ਉਹਨਾ ਦੇ ਇੰਨੇ ਕੁ ਵਿਸ਼ਵਾਸਪਾਤਰ ਬਣ ਜਾਦੇ ਹਾ, ਕਿ ਉਹ ਸਾਡੇ ਤੋ ਕਦੀ ਪੈਸੇ ਨਹੀ ਮੰਗਦੇ, ਬਲਕਿ ਅਸੀ ਖੁਦ ਉਹਨਾ ਨੂੰ ਅਦਾ ਕਰਦੇ ਹਾ। ਕਾਲਜ ਵਿੱਚ ਪੜਦਿਆਂ, ਸਾਡੀ ਇਸ ਦੇ ਰੁੱਖਾ ਨਾਲ ਸਾਝ ਪੈ ਜਾਦੀ ਹੈ, ਜਿਹਨਾ ਦੀਆ ਠੰਡੀਆਂ ਛਾਂਵਾਂ ਕਦੇ ਹੀ ਭੁਲਦੀਆ ਜਿੱਥੇ ਬੈਠ ਕੇ ਅਨੇਕਾ ਰੰਗ ਮਾਣੇ ਹੁੰਦੇ ਹਨ। ਇਹਨਾ ਦੇ ਉੱਪਰ ਸਾਡੇ ਦੁਆਰਾ ਲਿਖੇ ਹੋਏ ਆਪਣੇ ਸੋਹਣਿਆਂ ਦੇ ਨਾਂ ਅਤੇ ਵਾਹੀਆਂ ਹੋਇਆ ਲਕੀਰਾ ਕਿੰਨਾ ਸਮਾਂ ਉੱਕਰੀਆ ਰਹਿੰਦੀਆ ਹਨ। ਇਹਨਾ ਦੁਆਰਾ ਸਿੱਟੇ ਹੋਏ ਪੱਤਝੜ ਵਿੱਚ ਪੱਤੇ, ਇੰਜ ਮਹਿਸੂਸ ਕਰਾਉਦੇ ਹਨ, ਜਿਵੇ ਸੋਹਣੇ ਸੱਜਣਾ ਵਾਗ, ਸਾਡੇ ਨਾਲ ਇਹ ਵੀ ਰੁਸ ਗਏ ਹੋਣ ਅਤੇ ਜਦੋ ਇਹਨਾ ਤੇ ਬਹਾਂਰ ਆਉਦੀ ਹੈ, ਤਾ ਲੱਗਦਾ ਹੈ, ਜਿਵੇ ਕਾਲਜ ਦੀਆ ਰੋਣਕਾ ਮੁੜ ਵਾਪਸ ਆ ਗਈਆ ਹੋਣ। ਜਦੋ ਇਹ ਹਵਾਂਵਾਂ ਨਾਲ ਝੂਲਦੇ ਹਨ ਤਾ ਲੱਗਦਾ ਹੈ, ਜਿਵੇ ਸਾਡੀਆ ਗੱਲਾ ਦਾ ਹੁਗਾਰਾ ਭਰ ਰਹੇ ਹੋਣ। ਕਾਲਜ ਵਿੱਚ ਸਾਡੇ ਦਾਖਲੇ ਸਮੇ ਜਿਹੜੇ ਰੁੱਖ ਹਾਲੇ ਛੋਟੇ ਹੁੰਦੇ ਹਨ, ਉਹ ਸਾਡੀ ਵਿਦਇਗੀ ਸਮੇ ਜਵਾਨ ਹੋ ਜਾਦੇ ਹਨ, ਆਖਰ ਨੂੰ ਕਾਲਜ ਵਿੱਚੋ ਵਿਦਾ ਹੋਣ ਸਮੇ ਇੰਨਾ ਰੁੱਖਾਂ ਦੇ ਗਲ ਲੱਗ ਕੇ ਰੋਣ ਨੂੰ ਜੀ ਕਰਦਾ ਹੈ। ਕਾਲਜ ਦੇ ਵਿਹੜੇ ਵਿੱਚ ਉੱਗੇ ਫੁੱਲਾਂ ਨਾਲ ਵੀ ਸਾਨੂੰ ਪਿਆਰ ਹੁੰਦਾ ਹੈ, ਜਿੰਨਾ ਦੀ ਖੁਸਬੂ ਅਸੀ ਕਦੇ ਵੀ ਨਹੀ ਭੁਲਦੇ। ਇਹਨਾ ਦੇ ਵੱਖਰੇ-ਵੱਖਰੇ ਰੰਗ ਕਾਲਜ ਦੀ ਸੁੰਦਰਤਾਂ ਨੂੰ ਚਾਰ ਚੰਨ ਲਾ ਦਿੰਦੇ ਹਨ। ਦਿਲ ਕਰਦਾ ਹੈ, ਕਿ ਇਹਨਾ ਸੋਹਣੇ ਫੁੱਲਾਂ ਨਾਲ ਅਸੀ ਆਪਣੇ ਮਹਿਬੂਬ ਦੀ ਝੋਲੀ ਭਰ ਦਈਏ। ਇਹਨਾ ਨਾਲ ਸਾਡਾ ਇੰਨਾ ਮੋਹ ਹੁੰਦਾ ਹੈ, ਲੱਗਦਾ ਹੈ ਕਿ ਸਾਡੇ ਤੋ ਬਿਨਾ ਇਹ ਮੁਰਝਾਂ ਜਾਣਗੇ ਅਤੇ ਅਸੀ ਵੀ ਇਹਨਾ ਬਿਨਾ ਬਹੁਤ ਉਦਾਸ ਹੋ ਜਾਵਾਗੇ। ਜੋ ਫੁੱਲ ਸਾਨੂੰ ਸਭ ਤੋ ਪਿਆਰੇ ਲੱਗਦੇ ਹਨ, ਉਹਨਾ ਨੂੰ ਅਸੀ ਆਪਣੀਆ ਕਿਤਾਬਾ ਵਿੱਚ ਸਾਭ ਲੈਦੇ ਹਾ ਅਤੇ ਉਹਨਾ ਦੀਆ ਪੱਤੀਆਂ ਸਾਡੀਆ ਕਿਤਾਬਾ ਨੂੰ ਮਹਿਕ ਨਾਲ ਭਰ ਦਿੰਦੀਆ ਹਨ। ਕਾਲਜ ਵਿੱਚ ਪੜਦਿਆ, ਸਾਡਾ ਇਸ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਜਿਵੇ ਮਾਲੀ ਸੇਵਾਦਾਰ ਅਤੇ ਗੇਂਟਮੈਨ ਆਦਿ ਨਾਲ ਵੀ ਵੱਖਰੀ ਕਿਸਮ ਦਾ ਦੋਸਤਾਨਾ ਹੁੰਦਾ ਹੈ। ਕਾਲਜ ਵਿੱਚ ਇਹ ਕਰਮਚਾਰੀ ਛੋਟੇ ਦਰਜੇ ਦੇ ਹੁੰਦੇ ਹਨ। ਗਰੀਬ ਪਰਿਵਾਰਾ ਨਾਲ ਸੰਬੰਧਤ ਹੋਣ ਕਰਕੇ, ਇਹਨਾ ਦੀ ਬੋਲਬਾਣੀ ਬੜੀ ਸਾਦੀ ਅਤੇ ਕੱਪੜੇ ਬੜੇ ਸਾਧਾਰਨ ਹੁੰਦੇ ਹਨ। ਕਾਲਜ ਵਿੱਚ ਸਭ ਤੋ ਮਿਹਨਤੀ ਵਰਗ, ਇਹਨਾ ਕਰਮਚਾਰੀਆ ਦਾ ਹੁੰਦਾ ਹੈ ਅਤੇ ਇਸ ਮਿਹਨਤੀ ਵਰਗ ਸਦਕਾ ਹੀ ਸਾਡੇ ਕਾਲਜ ਦੀ ਸੁੰਦਰਤਾ ਨੂੰ ਚਾਰ ਚੰਨ ਲੱਗਦੇ ਹਨ। ਅਸੀ ਆਪਣੇ ਦੋਸਤਾ ਦੀ ਗੈਰ-ਹਾਜਰੀ ਵਿਚ ਇਹਨਾ ਕੋਲ ਬੈਠ ਕੇ ਆਪਣਾ ਸਮਾਂ ਗੁਜਾਰਦੇ ਹਾ। ਇਹ ਵੀ ਸਾਡੇ ਨਾਲ ਦੋਸਤਾ ਵਾਗ ਵਿਚਰਦੇ ਹਨ ਅਤੇ ਸਾਨੂੰ ਆਪਣੇ ਦੋਸਤਾ ਦੀ ਕਮੀ ਨਹੀ ਮਹਿਸੂਸ ਹੋਣ ਦਿੰਦੇ। ਇਹਨਾ ਦੀਆ ਗੱਲਾ ਵਿੱਚ ਦੋਸਤੀ ਦੀ ਮਹਿਕ ਆਉਦੀ ਹੈ। ਕਾਲਜ ਦਾ ਹਰ ਵਿਦਿਆਰਥੀ ਇਹਨਾ ਦੇ ਲਈ ਦੋਸਤ ਵਾਗ ਹੈ। ਇਹ ਪੁਰਾਣੇ ਵਿਦਿਆਰਥੀਆ ਦੀਆ ਯਾਦਾ ਨੂੰ ਨਵੇ ਆਉਣ ਵਾਲਿਆ ਵਿਦਿਆਰਥੀਆ ਨਾਲ ਸਾਝੀਆ ਕਰਦੇ ਹਨ। ਕੋਈ-ਕੋਈ ਵਿਦਿਆਰਥੀ ਹੁੰਦਾ ਹੈ, ਜਿਸ ਨੂੰ ਇਹ ਲੰਮੇ ਸਮੇ ਤਕ ਯਾਦ ਕਰਦੇ ਹਨ ਤੇ ਦੁਬਾਰਾ ਮਿਲਣਾ ਲੋਚਦੇ ਹਨ। ਇਹ ਕਰਮਚਾਰੀ ਥੋੜਾ ਮਿਹਨਤਾਨਾ ਹੋਣ ਦੇ ਬਾਵਜੂਦ ਅੰਤਾ ਦੀ ਸਿੱਦਤ ਨਾਲ ਕੰਮ ਕਰਦੇ ਹਨ। ਇਸ ਤਰਾ ਦੀ ਇਮਾਨਦਾਰੀ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ। ਜਿੰਦਗੀ ਦਾ ਬਹੁਤ ਸਾਰਾ ਗਿਆਨ ਤੇ ਤਜਰਬਾ ਸਾਨੂੰ ਇਹਨਾ ਦੀ ਜੀਵਨ-ਸੈਲੀ ਤੋ ਵੀ ਮਿਲਦਾ ਹੈ। ਇਹਨਾ ਦੀ ਬੋਲਬਾਣੀ ਤੋ ਜਿੰਦਗੀ ਦੀਆ ਤਲਖੀਆਂ ਤੇ ਸ਼ਖਸੀਅਤ ਤੋ ਜੀਵਨ ਦੇ ਹੇਠਲੇ ਪੱਧਰ ਦਾ ਗਿਆਨ ਹੁੰਦਾ ਹੈ। ਕਾਲਜ ਦੇ ਆਖਿਰੀ ਦਿਨਾ ਵਿੱਚ ਆ ਕੇ ਦਿਲ ਬਹੁਤ ਉਦਾਸ ਹੁੰਦਾ ਹੈ। ਪਤਾ ਹੀ ਨਹੀ ਲੱਗਦਾ, ਕਿ ਕਦੋ ਸਾਡੀ ਕਾਲਜ ਦੀ ਜਿੰਦਗੀ ਦੇ ਇੰਨੇ ਸਾਰੇ ਮਹੀਨੇ ਬੀਤ ਗਏ। ਸਾਨੂੰ ਅਗਲੇਰੀ ਜਿੰਦਗੀ ਵਿੱਚ ਪੈਰ ਧਰਦਿਆ ਡਰ ਲੱਗਦਾ ਹੈ, ਕਿਉਕਿ ਉਸ ਬਾਰੇ ਅਸੀ ਬਹੁਤਾ ਕੁਝ ਸੋਚਿਆ ਨਹੀ ਹੁੰਦਾ। ਸਾਨੂੰ ਲੱਗਦਾ ਹੈ, ਕਿ ਅਸੀ ਇਕੱਲੇ ਰਹਿ ਜਾਵਾਗੇ। ਸਾਡੇ ਤੋ ਉਹ ਸਾਰੇ ਦੋਸਤ ਵਿੱਛੜ ਜਾਣਗੇ, ਜਿੰਨਾ ਤੋ ਬਗੈਰ ਅਸੀ ਕਦੇ ਪਲ ਵੀ ਨਹੀ ਗੁਜਾਰਿਆ ਹੁੰਦਾ ਅਤੇ ਸਾਡੇ ਮਹਿਬੂਬ, ਜਿੰਨਾ ਲਈ ਅਸੀ ਕੀ ਨਹੀ ਕੀਤਾ ਹੁੰਦਾ ? ਉਹ ਵੀ ਅਲਵਿਦਾ ਕਹਿ ਜਾਣਗੇ। ਕਾਲਜ ਦੇ ਇਹਨਾ ਆਖਰੀ ਦਿਨਾ ਵਿੱਚ ਸਮਾਂ ਜਲਦੀ ਲੰਘਦਾ ਮਹਿਸੂਸ ਹੁੰਦਾ ਹੈ, ਜੋ ਸਾਡੇ ਰੋਕਿਆ ਨਹੀ ਰੁਕਦਾ। ਅਸੀ ਉਹਨਾ ਥਾਵਾਂ ਨੂੰ ਵਾਰ-ਵਾਰ ਦੇਖਦੇ ਹਾ, ਜਿੱਥੇ ਅਸੀ ਆਪਣੇ ਦੋਸਤਾ ਨਾਲ ਬੈਠਦੇ ਹੁੰਦੇ ਸੀ ਅਤੇ ਜਿੱਥੇ ਸਾਡੀਆ ਦੋਸਤੀਆ ਪਲ ਕੇ ਜਵਾਨ ਹੋਈਆ। ਸਾਡਾ ਦਿਲ ਕਰਦਾ ਹੈ, ਕਿ ਕਾਲਜ ਦੀਆ ਕੰਧਾਂ ਨੂੰ ਆਪਣਾ ਦਰਦ ਸੁਣਾਈਏ ਅਤੇ ਇਸਦੇ ਵਿਹੜੇ ਬੈਠ ਰੋਈਏ। ਅਸੀ ਜਿੰਦਗੀ ਵਿੱਚ ਪਹਿਲੀ ਵਾਰ ਬਹੁਤ ਜਿਆਦਾ ਉਦਾਸ ਇਸ ਸਮੇ ਹੁੰਦੇ ਹਾ, ਕਿਉਕਿ ਇਸ ਤੋ ਪਹਿਲਾ ਅਸੀ ਕਦੇ ਇੰਨੇ ਸੁਨਾਹਿਰੀ ਪਲ ਨਹੀ ਮਾਣੇ ਹੁੰਦੇ। ਅਸੀ ਭਾਵੇ ਇਸ ਸਮੇ ਕਿੰਨੇ ਵੀ ਉਦਾਸ ਹੋਈਏ, ਪਰ ਸਾਡੇ ਅੱਗੇ ਇੱਕ ਨਵੀ ਜਿੰਦਗੀ ਸਾਡੀ ਉਡੀਕ ਕਰ ਰਹੀ ਹੁੰਦੀ ਹੈ। ਅੰਤ ਇੱਕ ਦਿਨ ਅਸੀ, ਉਸ ਜਿੰਦਗੀ ਦੀਆ ਰਾਹਾਂ ਲੱਭਣ ਲਈ ਕਾਲਜ ਨੂੰ ਸਦਾ ਲਈ ਅਲਵਿਦਾ ਆਖ ਦਿੰਦੇ ਹਾ ਅਤੇ ਇਸ ਦੀਆ ਕੰਧਾਂ ਉੱਤੇ ਲਿਖੇ ਹੋਏ ਸਾਡੇ ਨਾਂ ਹੋਲੀ-ਹੋਲੀ ਮਿਟ ਜਾਦੇ ਹਨ।
By - ਐਂਡਵੋਕੇਟ ਉਂਕਾਰ ਸਿੰਘ ਭਲੂਰ, ਪਿੰਡ-ਭਲੂਰ, ਜਿਲਾਂ-ਮੋਗਾ, ਪੰਜਾਬ (ਭਾਰਤ)-151207